ਗੁਰਬਾਣੀ ਦੇ ਸ਼ੁੱਧ ਉਚਾਰਨ ਸੰਬੰਧੀ ਧਿਆਨ ਯੋਗ ਗੱਲਾਂ:-
ਹਰਜਿੰਦਰ ਸਿੰਘ ‘ਘੜਸਾਣਾ’
ਪਾਠਕ ਸੱਜਣ ਗੁਰਬਾਣੀ ਦੇ ਉਚਾਰਣ ਸੰਬੰਧੀ ਸੁਝਾਓ ਭੇਜ ਸਕਦੇ ਹਨ : Khalsasingh.hs@gmail.com ;
- 1. ਜਦੋਂ ਉਤਮ ਪੁਰਖ ਬਹੁ-ਵਚਨ ਹੋਵੇ ਤਾਂ ਇਸ ਦੀ ਸਮਾਨ ਵਰਤਮਾਨ ਕਾਲ ਵਾਲੀ ਕਿਰਿਆ ਦਾ “ਹ’ ਮੁਕਤਾ ਹੁੰਦਾ ਹੈ।
- 2. ਜੇ ਨਾਂਵ ਜਾਂ ਪੜਨਾਂਵ ਦਾ ਔਂਕੜ ਨਹੀਂ ਬੋਲਦਾ ਤਾਂ ਸਬੰਧਕੀ ਸਿਹਾਰੀ ਅਤੇ ਕਾਰਕ ਰੂਪੀ ਸਿਹਾਰੀ ਦਾ ਉਚਾਰਨ ਨਹੀਂ ਹੁੰਦਾ ।
- 3. ਉਚਾਰਨ ਕਰਦੇ ਸਮੇਂ ਸ਼ਬਦ ਦੇ ਪ੍ਰਕਰਨ ਦਾ ਗਿਆਨ ਬਹੁਤ ਜ਼ਰੂਰੀ ਹੈ।
- 4. ਕਿਰਿਆਵਾਚੀ ਸ਼ਬਦਾਂ ਦੀਆਂ ਲਗਾਂ ਜ਼ਰੂਰ ਉਚਾਰਨ ਦਾ ਭਾਗ ਹਨ।
- 5. ਲੰਬੀਆਂ ਹੇਕਾਂ ਲਾ ਕੇ ਵਿਸ਼ਰਾਮ ਲਾਉਣ ਵਾਲੇ ਪ੍ਰੇਮੀ ਲਘੂ ਤੇ ਦੀਰਘ ਮਾਤਰਾ ਦਾ ਖਿਆਲ ਰਖਣ।
- 6. ਸੰਬੋਧਨ ਸ਼ਬਦ ਦਾ ਅੰਤਲਾ ਅੱਖਰ ਹਮੇਸ਼ਾਂ ਮੁਕਤਾ ਹੁੰਦਾ ਹੈ ਅਤੇ ਉਚਾਰਨ ਸੰਬੋਧਨ ਰੂਪ ਵਿੱਚ ਹੀ ਹੋਣਾ ਚਾਹੀਦਾ ਹੈ।
- 7. ਖਾਸ ਕਰਕੇ ਰਾਗੀ, ਪ੍ਰਚਾਰਕ ਅਤੇ ਪਾਠੀ ਵੀਰਾਂ ਨੂੰ “ਹ” ਅਖਰ ਦੇ ਉਚਾਰਨ ਦਾ ਬੜ੍ਹਾ ਧਿਆਨ ਰਖਣਾ ਚਾਹੀਦਾ ਹੈ। ਪ੍ਰਚਲਿਤ ਉਚਾਰਨ ‘ਹ’ ਵਾਲਾ ਬਿਲਕੁਲ ਅਸੂਲੋਂ ਵਿਰੁਧ ਹੈ । ਸਹੀ ਉਚਾਰਨ ਖੜੀ ਤੜੀ ਬੋਲੀ ਵਾਲਾ ਹੈ।
- 8. ਜੇ ਮੇਰੇ ਵੀਰ ਗੁਰਬਾਣੀ ਵਿਆਕਰਨ ਦੇ ਨੇਮਾਂ ਦੀ ਦਿਲਚਸਪੀ ਰਖਕੇ ਪਠਨ ਪਾਠਨ ਕਰਨ ਤਾਂ ਉਚਾਰਨ ਵਿੱਚ ਕਾਫੀ ਸੁਧਾਰ ਹੋ ਸਕਦਾ ਹੈ।
- 9. ਖਾਸ ਕਰਕੇ “ਹ” ਨੂੰ ਲਗੀ ਮਾਤਰਾ ਦਾ ਉਚਾਰਨ ਕਰਨ ਵਾਲੇ ਸੱਜਨ , ਸੁਰਤਿ, ਕੰਤਿ, ਮਸਕਤਿ, ਜਾਨੁ, ਦਾ ਕਿਵੇਂ ਉਚਾਰਨ ਕਰਨਗੇ ? ਪਰਸਪਰ ਵੀਚਾਰ ਵੇਲੇ ਅਜਿਹੇ ਸੱਜਣ, ਸ਼ੁੱਧ ਉਚਾਰਨ ਸੇਧਾਂ ਨਾਲ ਸਹਿਮਤ ਹੋ ਜਾਣਗੇ ਪਰ ਇਕੋ ਗੱਲ ਹੀ ਕਰਨਗੇ ਕਿ ਜੀ ! ਸਾਨੂੰ ਇਸੇ ਤਰਾਂ ਹੀ ਉਚਾਰਨ ਸਿਖਾਇਆ ਗਿਆ ਹੈ। ਇਹਨਾਂ ਨੂੰ ਕੀ ਆਖੀਏ.....?
- 10. ਜਦੋਂ ਕਿਸੇ ਲਫਜ਼ ਤੋਂ ਪਹਿਲਾਂ ਦੋਇ, ਤੈ, ਸਭ, ਆਦਿ ਸ਼ਬਦ ਆਵੇ ਤਾਂ ਉਚਾਰਨ ਬੜ੍ਹੇ ਸੁਚੇਤ ਹੋ ਕੇ ਕਰਨਾ ਚਾਹੀਦਾ ਹੈ ਕਿਉਂਕਿ ਅਰਥ ਦਾ ਅਨਅਰਥ ਹੋ ਜਾਂਦਾ ਹੈ।
- 11. ਵਾਧੂ ਬਿੰਦੀਆਂ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਬਿੰਦੀ ਸਦਾ ਉਤਮ-ਪੁਰਖ, ਬਹੁ-ਵਚਨ, ਵਰਤਮਾਨ ਕਿਰਿਆ ਤੇ ਹੀ ਬੋਲੀ ਜਾਂਦੀ ਹੈ । ਭੂਤਕਾਲ ਦੀ ਕਿਰਿਆ 'ਤੇ ਕਦੇ ਭੀ ਬਿੰਦੀ ਦਾ ਪ੍ਰਯੋਗ ਨਹੀਂ ਹੁੰਦਾ ।
- 12. ਸੰਬੋਧਨ ਰੂਪ ਸ਼ਬਦ 'ਤੇ ਬਿੰਦੀ ਦਾ ਪ੍ਰਯੋਗ ਨਹੀਂ ਹੁੰਦਾ, ਸ਼ਰਤ ਇਹ ਹੈ ਕਿ ਬਿੰਦੀ ਮੂਲਿਕ ਨਹੀਂ ਹੋਣੀ ਚਾਹੀਦੀ।
- 13. ਦਿਲੀ ਇੱਛਾ ਇਕ ਹੀ ਹੈ ਕਿ ਆਪ ਸਾਰੇ ਗੁਰਬਾਣੀ ਵਿਆਕਰਨ ਦੇ ਮਾਹਿਰ ਹੋ ਜਾਵੋ ! ਫਿਰ ਕੋਈ ਉਚਾਰਨ ਅਤੇ ਅਰਥਾਂ ਸੰਬੰਧ ਮੁਸ਼ਕਿਲ ਨਹੀਂ ਆਵੇਗੀ।
- 14. ਯਾਦ ਰਖੋ! ਗੁਰਬਾਣੀ ਆਪਨਾ ਸਟੀਕ ਆਪ ਹੈ। ਗੁਰਬਾਣੀ ਦੇ ਸ਼ੁਧ ਅਰਥ, ਲਗਾਂ ਮਾਤਰਾਂ ਵਿੱਚ ਫਿਟ ਹਨ । ਇਹਨਾਂ ਨੂੰ ਵਿਆਕਰਨ ਦੇ ਸਾਧਨ ਨਾਲ ਲਭਨਾ ਬਹੁਤ ਵਡੀ ਭਗਤੀ ਹੈ।
- 15. ਕਿਉਕਿ ਗੁਰਬਾਣੀ ਧੁਰ ਤੋਂ, ਪ੍ਰਭੂ ਨਾਲ ਇਕ -ਮਿਕ ਹੋ ਕੇ ਆਈ ਹੈ, ਇਸ ਲਈ ਲਗਾਂ ਮਾਤਰਾਂ ਭੀ ਧੁਰ ਤੋਂ ਆਈਆਂ ਹਨ।
- 16. ਗੁਰੂ ਗ੍ਰੰਥ ਸਾਹਿਬ ਵਿੱਚ 90 ਫੀਸਦੀ ਸਿਹਾਰੀ ਦੀ ਵਰਤੋਂ ਮਿਲਦੀ ਹੈ। ਸਿਹਾਰੀ ਸਥਾਨ-ਵਾਚੀ, ਕਾਲ-ਵਾਚਕ, ਸੰਬੰਧਕ ਅਤੇ ਸਥਾਨ-ਵਾਚਕ ਕਿਰਿਆ ਵਿਸ਼ੇਸ਼ਣਾਂ ਦੇ ਅੰਤ ਵਿੱਚ ਵਰਤੀ ਜਾਂਦੀ ਹੈ।
- 17. “ਹਿ” ਨਾਲ ਬਹੁ-ਵਚਨੀ ਕਿਰਿਆ ਦਾ ਆਮ ਕਰਕੇ ਬਿੰਦੀ ਸਹਿਤ ਉਚਾਰਨ ਹੁੰਦਾ ਹੈ। ਜਿਵੇਂ ਪੜਹਿਂ, ਕਰਹਿਂ, ਜਾਵਹਿਂ, ਗਾਵਹਿਂ, ਆਦਿ।
- 18. ਗਿਣਤੀ ਵਾਚਕ ਪਦਾਂ ਦਾ ਉਚਾਰਨ ਹਮੇਸ਼ਾਂ ਨਾਸਕੀ (ਨਾਸਾਂ ਰਾਹੀਂ) ਦੁਹੁਂ, ਤਿਹੁਂ, ਪਚਹੁਂ ਆਦਿ ਹੁੰਦਾ ਹੈ।
- 19. ਰਹਾਉ ਨਾਲ ਜਿਥੇ “1” ਅੰਕ ਹੈ ਉਸਦਾ ਉਚਾਰਨ ਇਕ ਰਹਾਉ ਨਹੀਂ ਕਰਨਾ। ਵਾਰਤਕ ਵਿੱਚ ਜਿਥੇ ਰਹਾਉ ਦੂਜਾ ਅੰਕਿਤ ਹੋਵੇ ਉਸ ਨੂੰ ਬੋਲਨਾ ਹੈ।
- 20. ਗੁਰਬਾਣੀ ਸ਼ੁੱਧ ਉਚਾਰਨ ਦਾ ਵੱਡਾ ਸੰਬੰਧ ਪਦ ਵੰਡ ਅਤੇ ਵਿਸ਼ਰਾਮਾਂ ਨਾਲ ਹੈ । ਵਿਸ਼ੇਸ਼ ਗੱਲ ਇਹ ਹੈ ਕਿ ਪਦ ਵੰਡ ਅਤੇ ਵਿਸ਼ਰਾਮ, ਅਰਥ ਬੋਧ ਤੋਂ ਬਿਨਾ ਕਦੇ ਭੀ ਠੀਕ ਨਹੀਂ ਹੁੰਦੇ।
- 21. ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦਾਵਲੀ ਦਾ ਆਪਣਾ ਵਿਆਕਰਨ, ਆਪਣੀ ਸ਼ੈਲੀ ਅਤੇ ਆਪਣਾ ਉਚਾਰਨ ਢੰਗ ਹੈ।
- ਗੁਰਬਾਣੀ ਵਿੱਚ ਜਿਨ੍ਹਾਂ ਸ਼ਬਦਾਂ ਦੇ ਉਚਾਰਨ ਬਾਰੇ ਮਤ ਭੇਦ ਹਨ, ਭਾਸ਼ਾਈ ਪੱਖ ਤੋਂ ਅਧਿਐਨ ਕਰਕੇ ਨਿਸ਼ਚਿਤ ਕਰਨ ਲਈ ਜੇ ਇਕ ਬੋਰਡ ਬਣ ਜਾਏ, ਤਾਂ ਗੁਰਬਾਣੀ ਦੇ ਪਾਠਕਾਂ ਲਈ ਇਹ ਇਕ ਨਿਗਰ ਸੇਵਾ ਹੋਵੇਗੀ ਜੇਕਰ ਬਾਕੀ ਵਿਦਵਾਨਾਂ ਤੋਂ ਰਾਏ ਲੈ ਕੇ, ਕਿਸੇ ਨਿਰਣੈ 'ਤੇ ਪੁਜ ਸਕੀਏ ।
- 22. ਵਰਤਮਾਨ ਸਮੇਂ ਅੰਦਰ ਸੰਗਮਰਮਰ ਦੇ ਮੰਦਰ ਬਣਾਉਣ ਵਾਲੇ ਸੰਤ ਬਹੁਤੇ ਹਨ ਪਰ ‘ਸਤਿਗੁਰ ਸਬਦਿ ਉਜਾਰੋ ਦੀਪਾ’ ਲਈ ਹੁਣ ਤੱਕ ਮਿਸ਼ਨਰੀ ਕਾਲਜਾਂ ਵਲੋਂ ਕੇਵਲ ਨਾਮ ਮਾਤਰ ਹੀ ਕੰਮ ਹੋਇਆ ਹੈ।
- 23. ਕਈ ਸ਼ਬਦ ਜਿਵੇਂ ਉਚਰ, ਉਧਰ, ਬਿਮਲ, ਆਦਿਕ ਬਾਰੇ ਅਰਥ ਭੇਦ ਦਾ ਗਿਆਨ ਬਹੁਤ ਜ਼ਰੂਰੀ ਹੈ ਕਿਉਂਕੀ ਦੱਸੇ ਲਫਜ਼ਾਂ ਦੇ ਉਚਾਰਨ ਅੰਤਰ ਨਾਲ ਅਰਥਾਂ ਵਿੱਚ ਭੀ ਬੜਾ ਫਰਕ ਪੈ ਜਾਂਦਾ ਹੈ। ਜਿਵੇਂ ਉਚਰ-ਬੋਲਨਾ, ਉ-ਚਰ-ਖਾਣਾ , ਆਦਿ ਹੈ।
- 24. ਆਮ ਕਰਕੇ ਸ਼ਬਦ ਦੇ ਅੰਤਲੇ ਔਂਕੜ ਲੱਥ ਜਾਣ ਦੇ ਚਾਰ ਕਾਰਨ ਹਨ, ਬਹੁ-ਵਚਨ, ਇਸਤਰੀ-ਲਿੰਗ, ਸੰਬੋਧਨ, ਸੰਬੰਧਕੀ ਪਦ ਆਉਣ ਕਰਕੇ।
- 25. ਜਾ, ਤਾ ਦੇ ਉਚਾਰਨ ਸਮੇਂ ਖਿਆਲ ਰਖਣਾ ਚਾਹੀਦਾ ਹੈ। ਜੇ ਪੜਨਾਂਵ ਹੋਵੇ ਤਾਂ ਬਿੰਦੀ ਰਹਿਤ ਅਤੇ ਜੇ ਕਿਰਿਆ ਵਿਸ਼ੇਸ਼ਨ ਹੋਵੇ ਤਾਂ ਬਿੰਦੀ ਸਹਿਤ ਉਚਾਰਨ ਹੋਣਾ ਚਾਹੀਦਾ ਹੈ।
- 26. ਗੁਰਮੁਖੀ ਦੀ ਪੈਂਤੀ -ਅੱਖਰੀ ਵਿੱਚ ‘ੳ, ਅ, ੲ’ ਤਿੰਨ ਸਵਰ ਰੂਪ ਹਨ ਅਤੇ ‘ਸ’ ਤੋਂ ‘ੜ’ ਤਕ ਵਿਅੰਜਨ ਰੂਪ ਹਨ ।
- 27. ਸਮੱਗਰ ਗੁਰਬਾਣੀ ਵਿੱਚ ਨਦਰੀ ਅਤੇ ਪ੍ਰਸਾਦਿ 'ਤੇ ਬਿੰਦੀ ਦਾ ਉਚਾਰਨ ਨਹੀਂ ਹੁੰਦਾ।
- 28. ਉਤਮ ਪੁਰਖ ਵਿੱਚ ਲਗੇ ਹੋਏ ਦੁਲੈਂਕੜ ਦਾ ਉਚਾਰਨ ਹਮੇਸ਼ਾਂ ਬਿੰਦੀ ਸਹਿਤ ਕੀਤਾ ਜਾਂਦਾ ਹੈ।
- 29. ਇਕ ਲਾਂ ਉਤੇ ਬਿੰਦੀ ਦਾ ਉਚਾਰਨ ਨਹੀਂ ਹੁੰਦਾ । ਕਾਲ ਭੇਦ ਪ੍ਰਗਟ ਕਰਨ ਲਈ ਕਈ ਵਾਰ ਦੁਲੈਂਕੜ ਇਕ ਲਾਂ ਵਿੱਚ ਤਬਦੀਲ ਹੋ ਜਾਂਦੀ ਹੈ।
- 30. ਆਮ ਤੌਰ ਤੇ ਜਦੋਂ ਗ੍ਰੰਥੀਆਂ ਨਾਲ ਉਚਾਰਨ ਸੰਬੰਧੀ ਵੀਚਾਰ ਕਰੀਏ ਤਾਂ ਉਹ ਆਪਨੇ ਪੱਖ ਦੀ ਪ੍ਰੋੜਤਾ ਵਿੱਚ ਇਹ ਪੰਕਤੀ ਪੜਦੇ ਹਨ “ਅਖਰ ਲਿਖੇ ਸੇਈ ਗਾਵਾ, ਅਵਰ ਨ ਜਾਣਾ ਬਾਣੀ (1171) ਪਰੰਤੂ, ਇਸ ਪੰਕਤੀ ਵਿੱਚ ਉਚਾਰਨ ਸੰਬੰਧੀ ਕੋਈ ਜ਼ਿਕਰ ਨਹੀਂ ਹੈ। ਇਥੇ ' ਅਖਰ ' ਤੋਂ ਭਾਵ ਮੱਥੇ ਉਤੇ ਲਿਖੇ ਲੇਖਾਂ ਤੋਂ ਹੈ ਅਤੇ ਬਾਣੀ ਤੋਂ ਭਾਵ ਬਣਤਰ ਹੈ।
- 31 ਸਹਸਕ੍ਰਿਤੀ ਸਲੋਕਾਂ ਅਤੇ ਕੁਝ ਹੋਰ ਸ਼ਬਦਾਂ ਵਿੱਚ ਹੇਠ ਲਿਖੇ ਅੱਧੇ ਅੱਖਰ ਚ੍ਹਿੰਨ ਰੂਪ ਵਿੱਚ ਵਰਤੇ, ਹ, ਤ, ਚ, ਟ, ਨ, ਮ ਹਨ।
- 32. ਗੁਰੂ ਗ੍ਰੰਥ ਸਾਹਿਬ ਦੇ ਪੰਨਾ 1361 ਉਤੇ ਗਾਥਾ ਬਾਣੀ ਵਿੱਚ ‘ਹ’ ਦੀ ਥਾਂ (:) ਵਿਸਰਗ ਦਾ ਪ੍ਰਯੋਗ ਕੀਤਾ ਹੋਇਆ ਹੈ। ਉੱਥੇ ਉਚਾਰਨ ਸਮੇਂ ਕੋਮਲ ਧੁਨੀ ‘ਹ’ ਦਾ ਹੀ ਉਚਾਰਨ ਕਰਨਾ ਹੈ।
- 33. ਜਿਸ ਸ੍ਵਰ ਦੇ ਉਚਾਰਨ ਵਿੱਚ ਇਕ ਮਾਤਰਾ ਹੋਵੇ ਉਸ ਨੂੰ ਹ੍ਰਸ੍ਵ ਆਖਦੇ ਹਨ।
- 34. ਬਹੁ-ਵਚਨ ਪੁਲਿੰਗ ਨਾਂਵਾਂ, ਪੜਨਾਂਵਾਂ ਅਤੇ ਇਸਤਰੀ-ਲਿੰਗ ਨਾਂਵਾਂ ਦੇ ਅੰਤਲੇ ਅੱਖਰ ਮੁਕਤੇ ਹੁੰਦੇ ਹਨ।
- 35. ਸਥਾਨ-ਵਾਚੀ ਕਿਰਿਆ ਵਿਸ਼ੇਸ਼ਣਾਂ ਦੇ ਅੰਤਲੇ ਅੱਖਰ ਮੁਕਤੇ ਹੁੰਦੇ ਹਨ।
- 36. ਗੁਰਬਾਣੀ ਦਾ ਅਧਿਐਨ ਕਰਕੇ, ਪ੍ਰਚਾਰ ਕਰਕੇ, ਗੁਰੂ ਘਰ ਚੋਂ ਜੋ ਆਸੀਸ ਮਿਲਦੀ ਹੈ, ਉਹ ਅਮੋਲਕ ਹੈ, ਅਮੋਲਕ ਹੈ !
- 37. ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਰਬੀ ਗਿਆਨ, ਸਾਧ ਭਾਸ਼ਾ ਵਿੱਚ ਅਤੇ ਗੁਰਮੁਖੀ ਲਿੱਪੀ ਵਿੱਚ ਨਿਰੂਪਣ ਕੀਤਾ ਹੋਇਆ ਹੈ। ਇਹ ਭਾਸ਼ਾ ਪੰਜ ਸੌ ਤੋਂ ਲੈ ਕੇ ਅੱਠ ਸੌ ਸਾਲ ਤਕ ਪੁਰਾਣੀ ਹੈ।
- 38. ਗੁਰਬਾਣੀ ਦੀਆਂ ਲਗਾਂ ਮਾਤਰਾਂ ਦੇ ਪ੍ਰਯੋਗ , ਉਨ੍ਹਾਂ ਦੀ ਮੱਹਤਤਾ ਓਹੀ ਸੱਜਣ ਜਾਣਦੇ ਹਨ, ਜਿਨ੍ਹਾਂ ਨੇ ਇਨ੍ਹਾਂ ਨਾਲ ਆਪਣੀ ਸਾਂਝ ਪਾਈ ਹੋਵੇ।
- 39. ਅਨੁਨਾਸਕ ਅੱਖਰ (ਮਧਮ ਜਿਹੀ ਆਵਾਜ਼ ਨਾਸਾਂ ਰਾਹੀਂ) ਦੀ ਆਵਾਜ਼ ਦਾ ਅਸਰ ਉਸ ਤੋਂ ਪਹਿਲੇ ਅਤੇ ਅਗਲੇ ਅੱਖਰ ਦੀਆਂ ਲਗਾਂ ਤੇ ਭੀ ਪੈ ਜਾਂਦਾ ਹੈ। ਇਸ ਲਈ ਅਨੁਨਾਸਕ ਸ਼ਬਦ ਤੋਂ ਪਹਿਲੇ ਅਤੇ ਅਗਲੇ ਅੱਖਰ ਦੀਆਂ ਲਗਾਂ ਨਾਲ ਬਿੰਦੀ ਟਿਪੀ ਨਹੀਂ ਲਿਖੀ ਜਾਂਦੀ ।
- 40. ਬਹੁ-ਵਚਨੀ ਨਾਂਵਾਂ ਦਾ ਕੰਨਾ ਸਦਾ ਬਿੰਦੀ ਸਹਿਤ ਹੀ ਉਚਾਰਿਆ ਜਾਂਦਾ ਹੈ।
- 41. ਜਿਨ੍ਹਾਂ ਸ਼ਬਦਾਂ ਦੇ ਮੱਧ ਵਿੱਚ ਕਿਸੇ ਅੱਖਰ ਨੂੰ ਔਂਕੜ ਲੱਗਾ ਹੋਵੇ , ਉਸ ਔਂਕੜ ਦਾ ਉਚਾਰਣ ਅਤੀ ਜ਼ਰੂਰੀ ਹੈ, ਇਸ ਵਿੱਚ ਅਣਗਹਿਲੀ ਨਹੀਂ ਕਰਨੀ ਚਾਹੀਦੀ।
- 42. ਜਿਹੜੇ ਇਸਤਰੀ ਲਿੰਗ ਨਾਂਵ ਸੰਸਕ੍ਰਿਤ ਵਿੱਚ ਔਂਕੜ ਨਾਲ ਲਿਖੇ ਜਾਂਦੇ ਹਨ, ਉਨ੍ਹਾਂ ਨੂੰ ਗੁਰਬਾਣੀ ਵਿੱਚ ਵੀ ਔਂਕੜ ਸਹਿਤ, ਮੂਲ ਰੂਪ ਵਿੱਚ ਹੀ ਵਰਤਿਆ ਗਿਆ ਹੈ।
- 43. “ਜਹ’ ਕਹ’ ਤਹ” ਨੂੰ “ ਜਿਹ’ ਕਿਹ’ ਤਿਹ” ਪੜ੍ਹਨਾ ਭਾਰੀ ਭੁੱਲ ਹੈ। ਕਿਉਂਕਿ ਇਨ੍ਹਾਂ ਦੋਹਾਂ ਦੇ ਅਰਥਾਂ ਵਿੱਚ ਬੜ੍ਹਾ ਅੰਤਰ ਹੈ।
- 44. ਗੁਰਮੁਖੀ ਲਿੱਪੀ ਦੇ ਵਿਅੰਜਨ ਅੱਖਰਾਂ ਵਿੱਚੋਂ ਬਹੁਤੇ ਅੱਖਰ ਕੇਵਲ ਇਕੱਲੀ ਇਕੱਲੀ ਧੁਨੀ ਦੇ ਲਿਖਾਇਕ ਹਨ, ਪਰ ਕੁਝ ਅੱਖਰ ਅਜਿਹੇ ਵੀ ਹਨ ਜਿਵੇਂ ਘ, ਝ, ਢ, ਧ, ਭ, ਸ, ਖ, ਗ, ਜ, ਫ, ਲ ਜਿਨ੍ਹਾਂ ਦੀਆਂ ਦੋ ਦੋ ਧੁਨੀਆਂ ਹਨ।
- 45. “ਪਹਿਲਾ” ਸ਼ਬਦ ਨੂੰ ਗੁਰਬਾਣੀ ਵਿੱਚ ਉਚਾਰਨ ਸਮੇਂ ਬੜੀ ਸਾਵਧਾਨੀ ਦੀ ਲੋੜ ਹੈ। ਕਿਉਂਕਿ ' ਪਹਿਲਾ ' ਕਰਮ-ਵਾਚਕ ਸੰਖਿਅਕ ਵਿਸ਼ੇਸ਼ਣ ਹੈ, ਜਦੋਂ ਕਿ ' ਪਹਿਲਾਂ ' ਕਿਰਿਆ ਵਿਸ਼ੇਸ਼ਣ ਹੈ । ਜਦੋਂ ਇਹ ਸ਼ਬਦ ਸੰਖਿਅਕ ਵਿਸ਼ੇਸ਼ਨ ਦੇ ਤੌਰ 'ਤੇ ਵਰਤਿਆ ਜਾਵੇ ਤਾਂ ਬਿੰਦੀ (ਨਾਸਿਕਤਾ ਰਹਿਤ) ਰਹਿਤ ਅਤੇ ਜਦੋਂ ਕਿਰਿਆ ਵਿਸ਼ੇਸ਼ਣ ਹੋਵੇ ਤਾਂ ਬਿੰਦੀ (ਨਾਸਕੀ) ਸਹਿਤ ਉਚਾਰਨਾ ਹੈ।
- 46. ਗੁਰਬਾਣੀ ਵਿੱਚ ਆਮ ਕਰਕੇ ਸ਼ਬਦ ‘ ਸਾ ’ ਇਸਤਰੀ ਲਿੰਗ ਲਈ ਅਤੇ ‘ ਸੋ ’ ਪੁਲਿੰਗ ਲਈ ਵਰਤਿਆ ਹੈ।
Back to previous page